
ਭਾਰਤ ਪਾਕਿਸਤਾਨ ਸਰਹੱਦ ਲਾਗੇ ਪਿੰਡ ਹੈ ਬੱਖੂ ਸ਼ਾਹ। ਆਸਪਾਸ ਘਣੇ ਜੰਗਲ ਸਨ। ਸੱਪ ਤੇ ਜੰਗਲੀ ਜਾਨਵਰ ਆਮ ਸਨ। ਪਸ਼ੂ ਚਿਰਾਉਂਦੇ ਲੋਕਾਂ ਨੂੰ ਕਈ ਵਾਰ ਸੱਪ ਡੰਗ ਮਾਰ ਲੈਂਦੇ। ਜ਼ਖ਼ਮੀ ਸਿੱਧਾ ਪੀਰ ਵਲੈਤ ਸ਼ਾਹ ਕੋਲ ਇਲਾਜ ਲਈ ਆਉਂਦਾ। ਕਿਉਂਕਿ ਪੀਰ ਦੇ ਹੱਥ ਵਿਚ ਸੱਪ ਤੇ ਡੰਗੇ ਦਾ ਇਲਾਜ ਦੀ ਸਫ਼ਾ ਸੀ ਤੇ ਉਸ ਦੇ ਇਲਮ ਅਤੇ ਜੜੀ ਬੂਟੀਆਂ ਨਾਲ ਜ਼ਖ਼ਮੀ ਠੀਕ ਹੋ ਜਾਂਦਾ। ਇਹੀ ਸਫ਼ਾ ਉਸ ਦੇ ਪੁੱਤਰ ਪੀਰ ਅਸਤਰ ਅਲੀ ਕੋਲ ਵੀ ਆ ਗਈ। ਪੀਰ ਵਲੈਤ ਸ਼ਾਹ ਦੀ ਮੌਤ ਤੋਂ ਬਾਅਦ ਉਹ ਇਲਾਜ ਕਰਨ ਲੱਗ ਪਿਆ। ਆਖਦੇ ਨੇ ਕਿ ਪੀਰ ਪਿੰਡ ਨੂੰ ਇਲਮ ਨਾਲ ਘੇਰਾ ਪਾ ਦਿੱਤਾ ਤੇ ਉਸ ਤੋਂ ਬਾਅਦ ਪਿੰਡ ਦੇ ਇਲਾਕੇ ਵਿਚ ਕਦੇ ਕੋਈ ਸੱਪ ਨਹੀਂ ਆਇਆ।

ਉਸ ਕੋਲ ਹਲਕੇ ਕੁੱਤੇ ਦੇ ਕੱਟੇ ਦਾ ਵੀ ਇਲਾਜ ਸੀ। ਉਸ ਦੀ ਮੌਤ ਤੋਂ ਬਾਅਦ ਬੱਖੂ ਸ਼ਾਹ ਨੇ ਗੱਦੀ ਸੰਭਾਲ ਲਈ। ਉਹ ਅੱਲਾਹ ਦੀ ਭਗਤੀ ਵਿਚ ਮਸਤ ਰਹਿਣ ਵਾਲਾ ਬੰਦਾ ਸੀ। ਪਰ ਉਸ ਕੋਲ ਇੱਕ ਹੋਰ ਇਲਮ ਵੀ ਸੀ। ਉਹ ਇਲਮ ਇਹ ਸੀ ਕਿ ਕੋਈ ਵਿਅਕਤੀ ਪਿੰਡ ਵਿਚੋਂ ਚੋਰੀ ਨਹੀਂ ਕਰ ਸਕਦਾ ਸੀ। ਜੇ ਕੋਈ ਚੋਰੀ ਕਰਦਾ ਤਾਂ ਉਹ ਅੰਨਾ ਹੋ ਜਾਂਦਾ। ਹਰਨਾਮ ਸਿੰਘ ਭੱਟੀ ਨੇ ਦੱਸਿਆ ਕਿ ਉਸ ਦੇ ਪਿਤਾ ਹਾਕਮ ਸਿੰਘ ਦੱਸਦੇ ਸਨ ਕਿ ਕੋਈ ਵਿਅਕਤੀ ਹੋਰ ਵੀ ਕਿਸੇ ਪਿੰਡ ‘ਚੋਂ ਚੋਰੀ ਕਰ ਕੇ ਸਮਾਨ ਪਿੰਡ ਵਿਚ ਲਿਆਉਂਦਾ ਤਾਂ ਉਹ ਵੀ ਅੰਨਾ ਹੋ ਜਾਂਦਾ। ਇਸ ਕ੍ਰਾਈਮ ਤੋਂ ਛੁਟਕਾਰੇ ਕਾਰਨ ਪਿੰਡ ਪਾਕ ਦਾਮਨ ਦੱਸਿਆ ਜਾਂਦਾ ਸੀ। ਪਿੰਡ ਮੁਹੰਮਦ ਪੀਰਾ ਦੇ ਨੌਜਵਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਦਾਦੀ ਘੰਮੋਂ ਬਾਈ ਦੱਸਦੀ ਹੁੰਦੀ ਸੀ ਕਿ ਇੱਕ ਵਾਰ ਪੀਰ ਬੱਖੂ ਸ਼ਾਹ ਘੋੜੀ ਤੇ ਜਾ ਰਿਹਾ ਸੀ। ਜਦੋਂ ਉਹ ਇੱਕ ਕਿੱਕਰ ਦੇ ਦਰਖ਼ਤ ਥਲੋਂ ਗੁਜ਼ਰਿਆ ਤਾਂ ਉਸ ਦੀ ਪੱਗ ਦਰਖ਼ਤ ਨਾਲ ਅੜ ਕੇ ਡਿਗ ਪਈ। ਉਸ ਵੇਲੇ ਪੀਰ ਬੱਖੂ ਸ਼ਾਹ ਨੇ ਕਿਹਾ,’ ਮੇਰੀ ਇੱਜ਼ਤ ਡੇਗ ਕੇ ਤੂੰ ਅਜੇ ਵੀ ਖੜਾ ਏ’। ਕਹਿੰਦੇ ਹਨ ਕਿ ਉਸ ਵੇਲੇ ਆਏ ਤੇਜ਼ ਹਨੇਰ ਝੱਖੜ ਕਾਰਨ ਖੜੇ ਕਿੱਕਰ ਦਾ ਦਰਖ਼ਤ ਧੜੰਮ ਕਰ ਕੇ ਡਿਗ ਪਿਆ। (Lachhman Dost – 99140-63937)
