
ਹਵੇਲੀ ਦੇ ਬਾਹਰ ਨਿੰਮ, ਟਾਹਲੀ ਤੇ ਕਿੱਕਰ ਦੇ ਦਰਖਤਾਂ ਦੀ ਛਾਂ ਥੱਲੇ ਬੋਦਲਿਆਂ ਦੇ ਸੀਰੀ… ਖੇਤ ਮਜ਼ਦੂਰ, ਆਜੜੀ ਤੇ ਪਿੰਡ ਵਾਸੀ ਬੈਠੇ ਸਨ… ਸਾਰਿਆਂ ਦੇ ਚਿਹਰੇ ਉਦਾਸ… ਹੋਰਨਾਂ ਪਿੰਡਾਂ ਵਿਚੋਂ ਹੁੰਦਾ ਹੋਇਆ ਮੁਹੰਮਦ ਸਰਵਰ ਬੋਦਲਾ ਵੀ ਘੋੜੀ ਤੇ ਆ ਗਿਆ… ਲੋਕਾਂ ਨੇ ਖੜੇ ਹੋ ਕੇ ਅਦਬ ਨਾਲ ਸਲਾਮ ਕੀਤਾ… ਸਰਵਰ ਬੋਦਲਾ ਨੇ ਲਟਕੇ ਚਿਹਰਿਆਂ ਦਾ ਕਾਰਨ ਪੁੱਛਿਆ… ਸਾਰੇ ਚੁੱਪ… ਕਿਸੇ ਦੀ ਹਿੰਮਤ ਨਾ ਪਈ ਕਿ ਉਹ ਸਰਵਰ ਬੋਦਲੇ ਨਾਲ ਅੱਖ ਮਿਲਾ ਕੇ ਗੱਲ ਦੱਸ ਸਕਣ… ਗੱਲ ਅਜੇ ਚੱਲ ਹੀ ਰਹੀ ਸੀ ਕਿ ਇਹ ਅਹਿਲਕਾਰ ਸ. ਬਿਸ਼ਨ ਸਿੰਘ ਆਇਆ ਤੇ ਉਸ ਨੇ ਸਰਵਰ ਬੋਦਲਾ ਨੂੰ ਦੱਸਿਆ ਕਿ ਬੇਗ਼ਮ ਨਵਾਬ ਨੇ ਧੀ ਨੂੰ ਜਨਮ ਦਿੱਤਾ ਹੈ… ਬੋਦਲਾ ਬੜਾ ਖੁੱਸ ਹੋਇਆ ਤੇ ਕਹਿਣ ਲੱਗਾ ਕਿ ਜਾਓ, ਪਿੰਡ ‘ਚ ਲੱਡੂ ਵੰਡੋ… ਇਕ ਬੋਲਿਆ, ‘ਨਵਾਬ ਸਾਹਿਬ, ਤੁਹਾਡੇ ਘਰ ਧੀ ਜੰਮੀ ਏ, ਜੇ ਨਵਾਬ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਇਨਾਮ ਮਿਲਦਾ’… ਨਵਾਬ ਬੋਲਿਆ, ਓ ਤਾਂ ਕੀ ਹੋਇਆ, ਏਹ ਵੀ ਅੱਲਾਹ ਦੀ ਦਾਤ ਏ, ਤੁਹਾਨੂੰ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਹੈ…

ਮੈਂ ਤੁਹਾਨੂੰ ਧੀ ਦੇ ਜਨਮ ਦੀ ਖ਼ੁਸ਼ੀ ਵਿਚ ਇਨਾਮ ਦੇਵਾਂਗਾ ਤੇ ਨਾਲੇ ਜਾਓ, ਪਿੰਡ ਨੂੰ ਆਉਣ ਵਾਲੀਆਂ ਸੜਕਾਂ ਤੇ ਖੜੇ ਹੋ ਜਾਓ ਤੇ ਇੱਧਰ ਆਉਣ ਵਾਲੇ ਹਰ ਵਿਅਕਤੀ ਨੂੰ 5-5 ਰੁਪਏ ਵੰਡੋ’… ਪੈਸੇ ਲੈ ਕੇ ਕੁੱਝ ਬੰਦੇ ਪਿੰਡ ਸ਼ਮਸ਼ਾਬਾਦ ਦੇ ਨੇੜਿਓ ਨਿਕਲਦੀ ਨਹਿਰ ਵਾਲੀ ਸੜਕ ਜੋ ਪਿੰਡ ਬਹਿਕ ਬੋਦਲਾ ਨੂੰ ਜਾਂਦੀ ਸੀ ਤੇ ਕੁੱਝ ਬੰਦੇ ਫ਼ਿਰੋਜਪੁਰ ਰੋਡ ਤੋਂ ਪਿੰਡ ਬਹਿਕ ਬੋਦਲਾ ਨੂੰ ਆਉਣ ਵਾਲੀ ਸੜਕ ਤੇ ਖੜ ਗਏ… ਉੱਥੇ ਜੋ ਵੀ ਵਿਅਕਤੀ ਆਉਣਾ, ਉਸ ਨੂੰ 5 ਰੁਪਏ ਦਿੱਤੇ ਜਾਂਦੇ… ਭਾਰਤ ਵੰਡ ਤੋਂ ਪਹਿਲਾਂ ਲੋਕ ਧੀ ਨੂੰ ਇਤਨਾ ਪਿਆਰ ਕਰਦੇ ਸੀ… ਹੁਣ ਕੀ ਹੈ ? ਧੀਆਂ ਤਾਂ ਉਹੀ ਨੇ … ਮਾਪਿਆਂ ਨੂੰ ਪਿਆਰ ਵੀ ਉਤਨਾ ਹੀ ਕਰਦੀਆਂ ਨੇ ਤੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਵੀ ਲੈ ਕੇ ਜਾਂਦੀਆਂ ਨੇ… ਕਈ ਅਫ਼ਸਰ ਲੱਗ ਗਈਆਂ… ਦੇਸ਼ ਨੂੰ ਵੀ ਚਲਾ ਕੇ ਦਿਖਾ ਦਿੱਤਾ… ਫਿਰ ਵੀ ਕਈ ਲੋਕ ਧੀ ਨੂੰ ਦੁਨੀਆ ਦੇਖਣ ਤੋਂ ਪਹਿਲਾਂ ਹੀ ਕਿਉਂ ਮਾਰ ਦਿੰਦੇ ਨੇ … ਜਿਹੜੇ ਇਹ ਪਾਪ ਕਰਦੇ ਹਨ … ਉਹ ਅੱਜ ਵੀ ਸੋਚ ਲੈਣ …ਸ਼ਾਇਦ ਉਹੀ ਧੀ ਉਹਨਾਂ ਦਾ ਨਾਂਅ ਰੌਸ਼ਨ ਕਰ ਦੇਵੇ …
