
ਭਾਰਤ ਅਤੇ ਪਾਕਿਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮਹਾਨ ਜਰਨੈਲ ਦਾ ਨਾਤਾ ਫ਼ਾਜ਼ਿਲਕਾ ਇਲਾਕੇ ਨਾਲ ਵੀ ਰਿਹਾ ਹੈ। ਗੱਲ ਉਸ ਸਮੇਂ ਦੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀਆਂ ਕਈ ਰਿਆਸਤਾਂ ਨੂੰ ਆਪਣੇ ਅਧੀਨ ਕਰ ਲਿਆ ਸੀ । ਬਹਾਵਲਪੁਰ , ਬੀਕਾਨੇਰ , ਫ਼ਰੀਦਕੋਟ ਤੇ ਮਮਦੋਟ ਤੇ ਨਜ਼ਰ ਰੱਖਣ ਲਈ ਇਲਾਕਾ ਬਹਿਕ ਬੋਦਲਾ ਇਹਨਾਂ ਦੇ ਵਿਚਕਾਰ ਸੀ।ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਸਤਲੁਜ ਦਰਿਆ ਦੇ ਉਰਾਰ ਵੱਲ ਹਮਲਾ ਕੀਤਾ ਤਾਂ ਬਹਿਕ ਬੋਦਲਾ ਨੇ ਆਉਂਦਿਆਂ ਹੀ ਮਹਾਰਾਜਾ ਦੀ ਅਧੀਨਤਾ ਮੰਨ ਲਈ ਤੇ ਇਸ ਇਲਾਕੇ ਨੂੰ ਲਾਹੌਰ ਸਰਕਾਰ ਦਾ ਭਾਗ ਮੰਨ ਲਿਆ ਗਿਆ । ਲੇਖਕ ਡਾ . ਗੁਰਦੇਵ ਸਿੰਘ ਸਿੱਧੂ ਨੇ ‘ਸਤਲੁਜ ਉਰਾਰ ਦੀਆਂ ਰਿਆਸਤਾਂ’ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਬਾਅਦ ਵਿਚ ਝੰਬਾ ਤੋਂ ਆਏ ਦਲ ਸਿੰਘ ਦਾ ਪੁੱਤਰ ਭਾਈ ਸ਼ੇਰ ਸਿੰਘ ਨੇ ਕੋਟਕਪੂਰਾ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਮਿਲਕੇ ‘ਬਹਿਕ ਬੋਦਲਾ’ ਵਿਚ ਲੁੱਟਮਾਰ ਕੀਤੀ ਤੇ ਲੁੱਟਿਆ ਮਾਲ ਆਪਣੇ ਸਹਿਯੋਗੀ ਦਲਾਂ ਵਿਚ ਵੰਡ ਲਿਆ।ਭਾਈ ਸ਼ੇਰ ਸਿੰਘ ਬੇ-ਔਲਾਦ ਸੀ ਤੇ ਉਸ ਦੀ ਮੌਤ 1836 ਵਿਚ ਪੇਸ਼ਾਵਰ ਵਿਚ ਹੋਈ ਲੜਾਈ ਵਿਚ ਹੋ ਗਈ ਸੀ। 1850 ਵਿਚ ਭਾਈ ਜਬਰ ਜੰਗ ਸਿੰਘ ਨੂੰ ‘ਬਹਿਕ ਬੋਦਲਾ’ ਦੀ ਜਾਇਦਾਦ ਦਾ ਮਾਲਕ ਬਣਾਇਆ ਗਿਆ ਸੀ । ਜਦੋਂ ਬੋਦਲਾ ਜਾਤੀ ਦੇ ਮੁਸਲਮਾਨ ਫ਼ਾਜ਼ਿਲਕਾ ਦੇ ਇਲਾਕੇ ਵਿਚ ਆਏ ਤਾਂ ਕੁਤਬ-ਉਦ-ਦੀਨ ਖਾਂ ਦਾ ਬੋਦਲਿਆਂ ਨਾਲ ਝਗੜਾ ਚੱਲ ਪਿਆ ।ਉਸ ਦੀ ਮੌਤ ( 1831 ) ਤੋਂ ਬਾਅਦ ਉਸਦਾ ਪੁੱਤਰ ਨਵਾਬਜ਼ਾਦਾ ਖ਼ਾਨ ਬਹਾਦਰ ਖ਼ਾਨ ਨਾਲ ਝਗੜਾ ਚੱਲਿਆ, ਪਰ ਉਸ ਦੀ ਮੌਤ 1838 ਵਿਚ ਹੋ ਗਈ ਤੇ ਬੋਦਲੇ ਮਜ਼ਬੂਤ ਹੋ ਗਏ ।ਅੰਤ ਬੋਦਲਿਆਂ ਨੂੰ ਜਾਗੀਰ ਦਾ ਮਾਲਕਾਨਾ ਹੱਕ 1858 ਵਿਚ ਮਿਲ ਗਿਆ ।ਦੱਸ ਦੇਈਏ ਕਿ ਮਹਾਰਾਜਾ ਰਣਜੀਤ ਦੇ ਸਮੇਂ ਪਿੰਡ ਝੋਕ ਡਿਪੂਲਾਣਾ ਦੇ ਨੇੜੇ ਇੱਕ ਬੁਰਜ ਵੀ ਬਣਵਾਇਆ ਸੀ।
